ਡਰਬਨ: ਮਹਾਤਮਾ ਗਾਂਧੀ ਦੀ 56 ਸਾਲਾ ਪੜਪੋਤੀ ਨੂੰ ਸਾਊਥ ਅਫਰੀਕਾ ਦੀ ਡਰਬਨ ਦੀ ਇਕ ਅਦਾਲਤ ਨੇ ਸੱਤ ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਦਰਅਸਲ ਉਹਨਾਂ ਉੱਤੇ ਧੋਖਾਧੜੀ ਅਤੇ ਜਾਲਸਾਜ਼ੀ ਦੇ ਦੋਸ਼ ਲੱਗੇ ਹਨ। ਸੋਮਵਾਰ ਨੂੰ ਕੋਰਟ ਨੇ ਆਸ਼ੀਸ਼ ਲਤਾ ਰਾਮਗੋਬਿਨ ਨੂੰ ਦੋਸ਼ੀ ਕਰਾਰ ਦਿੱਤਾ ਸੀ। ਆਸ਼ੀਸ਼ ਲਤਾ ਰਾਮਗੋਬਿਨ ਨੂੰ ਕੋਰਟ ਨੇ 6 ਮਿਲੀਅਨ ਦੱਖਣੀ ਅਫ਼ੀਕੀ ਰੈਂਡ (3 ਕਰੋੜ 22 ਲੱਖ 84 ਹਜ਼ਾਰ 460 ਭਾਰਤੀ ਰੁਪਏ) ਦੀ ਧੋਖਾਧੜੀ ਦੇ ਕੇਸ ਵਿਚ ਦੋਸ਼ੀ ਪਾਇਆ ਹੈ।
ਆਸ਼ੀਸ਼ ਲਤਾ ਉੱਤੇ ਕਾਰੋਬਾਰੀ ਐਸਆਰ ਮਹਾਰਾਜ ਨੂੰ ਧੋਖਾ ਦੇਣ ਦਾ ਦੋਸ਼ ਹੈ। ਐਸਆਰ ਮਹਾਰਾਜ ਨੇ ਐਸਆਰ ਮਹਾਰਾਜ ਨੇ ਲਤਾ ਨੂੰ ਇਕ ਕਨਸਾਇੰਮੈਂਟ ਦੇ ਦਰਾਮਦ ਅਤੇ ਕਸਟਮ ਡਿਊਟੀ ਨੂੰ ਕਥਿਤ ਤੌਰ ’ਤੇ ਕਲੀਅਰ ਕਰਵਾਉਣ ਲਈ 6.2 ਮਿਲੀਅਨ ਰੁਪਏ ਐਡਵਾਂਸ ਦਿੱਤੇ ਸੀ ਪਰ ਅਜਿਹਾ ਕੋਈ ਕਨਸਾਇੰਮੈਂਟ ਹੈ ਹੀ ਨਹੀਂ ਸੀ।
ਜਦੋਂ 2015 ਵਿਚ ਲਤਾ ਰਾਮਗੋਬਿਨ ਖਿਲਾਫ਼ ਮਾਮਲੇ ਦੀ ਸੁਣਵਾਈ ਸ਼ੁਰੂ ਹੋਈ ਤਾਂ ਨੈਸ਼ਨਲ ਪ੍ਰਾਸੀਕਿਊਸ਼ਨ ਅਥਾਰਟੀ (NPA) ਦੇ ਬ੍ਰਿਗੇਡੀਅਨ ਹੰਗਵਾਨੀ ਮੁਲੌਦਜੀ ਨੇ ਕਿਹਾ ਸੀ ਕਿ ਉਹਨਾਂ ਨੇ ਸੰਭਾਵਤ ਨਿਵੇਸ਼ਕਾਂ ਨੂੰ ਕਥਿਤ ਤੌਰ 'ਤੇ ਜਾਅਲੀ ਚਲਾਨ ਅਤੇ ਦਸਤਾਵੇਜ਼ ਮੁਹੱਈਆ ਕਰਵਾਏ ਜਿਸ ਦੇ ਜ਼ਰੀਏ ਉਸ ਨੇ ਨਿਵੇਸ਼ਕਾਂ ਨੂੰ ਦੱਸਿਆ ਕਿ ਲਿਨਨ ਦੇ ਤਿੰਨ ਕੰਟੇਨਰ ਭਾਰਤ ਤੋਂ ਭੇਜੇ ਜਾ ਰਹੇ ਹਨ। ਉਸ ਸਮੇਂ ਲਤਾ ਰਾਮਗੋਬਿਨ ਨੂੰ 50, 000 ਰੈਂਡ ਦੀ ਜ਼ਮਾਨਤ ਉੱਤੇ ਰਿਹਾਅ ਕੀਤਾ ਗਿਆ ਸੀ।
ਲਤਾ ਰਾਮਗੋਬਿਨ ਨੂੰ ਡਰਬਨ ਸਪੈਸ਼ਲਾਈਜਡ ਕਮਰਸ਼ੀਅਲ ਕੋਰਟ ਵੱਲੋਂ ਸਜ਼ਾ ਖ਼ਿਲਾਫ਼ ਅਪੀਲ ਕਰਨ ਦੀ ਆਗਿਆ ਦੇਣ ਤੋਂ ਇਨਕਾਰ ਕੀਤਾ ਗਿਆ ਹੈ।